HEALTH
ਸਹੁਰੇ ਨੂੰ ਪਿੱਠ ‘ਤੇ ਚੁੱਕ ਕੇ ਹਸਪਤਾਲ ਲੈ ਗਈ ਨੂੰਹ, ਪਰ ਨਹੀਂ ਬਚਾ ਸਕੀ ਜਾਨ, ਲੋਕਾਂ ਨੇ ਖਿੱਚੀਆਂ ਫੋਟੋਆਂ
ਆਸਾਮ, 10ਜੂਨ 2021- ਅਸਮ ਦੇ ਨਗਾਓਂ ਦੀ ਰਹਿਣ ਵਾਲੀ 24 ਸਾਲਾ ਨਿਹਾਰਿਕਾ ਦਾਸ ਨੇ ਸਮਾਜ ਲਈ ਮਿਸਾਲ ਪੇਸ਼ ਕੀਤੀ ਹੈ। ਮੁੰਡੇ ਦਾ ਫਰਜ਼ ਨਿਭਾਅ ਕੇ ਉਹ ਇਕ ਆਦਰਸ਼ ਨੂੰਹ ਬਣ ਗਈ ਹੈ। ਸੋਸ਼ਲ ਮੀਡੀਆ ’ਤੇ ਲੋਕ ਕਹਿ ਰਹੇ ਹਨ ਕਿ ਨੂੰਹ ਹੋਵੇ ਤਾਂ ਨਿਹਾਰਿਕਾ ਦਾਸ ਵਰਗੀ, ਜਿਸ ਨੇ ਆਪਣੇ ਕੋਰੋਨਾ ਪੀੜਤ ਸਹੁਰੇ ਨੂੰ ਪਿੱਠ ’ਤੇ ਚੁੱਕ ਕੇ ਹਸਪਤਾਲ ਪਹੁੰਚਾਇਆ, ਉਹ ਵੀ 2 ਕਿਲੋਮੀਟਰ ਤਕ ਪੈਦਲ ਚੱਲ ਕੇ। ਇਸ ਦੌਰਾਨ ਲੋਕ ਉਸ ਦੀਆਂ ਤਸਵੀਰਾਂ ਖਿੱਚਦੇ ਰਹੇ ਪਰ ਮਦਦ ਲਈ ਕੋਈ ਵੀ ਅੱਗੇ ਨਹੀਂ ਆਇਆ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਲੋਕ ਨਿਹਾਰਿਕਾ ਨੂੰ ਆਦਰਸ਼ ਨੂੰਹ ਕਹਿ ਰਹੇ ਹਨ। ਹਾਲਾਂਕਿ, ਇੰਨੀ ਕੋਸ਼ਿਸ਼ ਦੇ ਬਾਅਦ ਵੀ ਨਿਹਾਰਿਕਾ ਆਪਣੇ ਸਹੁਰੇ ਨੂੰ ਬਚਾ ਨਹੀਂ ਸਕੀ। ਨਿਹਾਰਿਕਾ ਦਾ ਸਹੁਰਾ ਥੁਲੇਸ਼ਵਰ ਦਾਸ ਰਾਹਾ ਖੇਤਰ ਦੇ ਭਾਟੀਗਾਓਂ ’ਚ ਸੁਪਾਰੀ ਵਿਕਰੇਤਾ ਸੀ।

2 ਜੂਨ ਨੂੰ ਥੁਲੇਸ਼ਵਰ ਦਾਸ ’ਚ ਕੋਰੋਨਾ ਦੇ ਲੱਛਣ ਦਿਸੇ ਸਨ। ਨਿਹਾਰਿਕਾ ਨੇ ਕਿਹਾ ਕਿ ਉਨ੍ਹਾਂ ਦੇ ਘਰ ਤਕ ਆਟੋ ਰਿਕਸ਼ਾ ਨਹੀਂ ਆ ਸਕਦਾ। ਸਹੁਰੇ ਦੀ ਹਾਲਤ ਵੀ ਚੱਲਣ ਯੋਗ ਨਹੀਂ ਸੀ। ਮੇਰੇ ਪਤੀ ਕੰਮ ਲਈ ਸਿਲੀਗੁੜੀ ’ਚ ਰਹਿੰਦੇ ਹਨ। ਅਜਿਹੇ ’ਚ ਸਹੁਰੇ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਲਿਜਾਉਣ ਤੋਂ ਇਲਾਵਾ ਮੇਰੇ ਕੋਲ ਕੋਈ ਬਦਲ ਨਹੀਂ ਸੀ। ਮੈਂ ਸਹੁਰੇ ਨੂੰ ਆਟੋ ਸਟੈਂਡ ਤਕ ਚੁੱਕ ਕੇ ਲੈ ਗਈ ਸੀ। ਨਿਹਾਰਿਕਾ ਮੁਤਾਬਕ, ਪਰੇਸ਼ਾਨੀਆਂ ਇੱਥੇ ਹੀ ਖਤਮ ਨਹੀਂ ਹੋਈਆਂ। ਸਿਹਤ ਕੇਂਦਰ ’ਚ ਸਹੁਰੇ ਦਾ ਟੈਸਟ ਪਾਜ਼ੇਟਿਵ ਆਇਆ। ਡਾਕਟਰ ਨੇ ਸਹੁਰੇ ਦੀ ਹਾਲਤ ਗੰਭੀਰ ਦੱਸਦੇ ਹੋਏ ਉਨ੍ਹਾਂ ਨੂੰ 21 ਕਿਲੋਮੀਟਰ ਦੂਰ ਨਗਾਓਂ ਦੇ ਕੋਵਿਡ ਹਸਪਤਾਲ ਲਿਜਾਉਣ ਲਈ ਕਿਹਾ। ਸਿਹਤ ਕੇਂਦਰ ਤੋਂ ਉਨ੍ਹਾਂ ਨੂੰ ਐਂਬੁਲੈਂਸ ਜਾਂ ਸਟ੍ਰੇਚਰ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਮੈਂ ਇਕ ਪ੍ਰਾਈਵੇਟ ਕਾਰ ਦਾ ਪ੍ਰਬੰਧ ਕੀਤਾ। ਇਸ ਲਈ ਵੀ ਮੈਨੂੰ ਸਹੁਰੇ ਨੂੰ ਪਿੱਠ ’ਤੇ ਚੁੱਕ ਕੇ ਕਾਫ਼ੀ ਦੂਰ ਤਕ ਚੱਲਣਾ ਪਿਆ। ਲੋਕ ਘੂਰ ਕੇ ਵੇਖਦੇ ਰਹੇ ਪਰ ਕਿਸੇ ਨੇ ਮਦਦ ਨਹੀਂ ਕੀਤੀ।

ਅਸਾਮ ਦੀ ਇਸ ਕਹਾਣੀ ਨਾਲ ਪਿੰਡ ’ਚ ਸਿਹਤ ਸਥਿਤੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਨਿਹਾਰਿਕਾ ਨੇ ਕਿਹਾ ਕਿ ਉਸ ਨੂੰ ਪਿੰਡ ’ਚ ਐਂਬੂਲੈਂਸ ਤਕ ਨਹੀਂ ਮਿਲੀ। ਸਹੁਰੇ ਨੂੰ ਛੋਟੀ ਜਿਹੀ ਵੈਨ ’ਚ ਸ਼ਹਿਰ ਲਿਜਾਉਣਾ ਪਿਆ। ਚੰਗੀ ਗੱਲ ਹੈ ਕਿ ਇਸ ਦੌਰਾਨ ਸਹੁਰੇ ਨੂੰ ਆਕਸੀਜਨ ਦੀ ਲੋੜ ਨਹੀਂ ਪਈ। ਹਾਲਾਂਕਿ, 5 ਜੂਨ ਨੂੰ ਥੁਲੇਸ਼ਵਰ ਦਾਸ (ਨਿਹਾਰਿਕਾ ਦੇ ਸਹੁਰੇ) ਨੂੰ ਗੁਹਾਟੀ ਮੈਡੀਕਲ ਕਾਲਜ ’ਚ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਸੋਮਵਾਰ ਨੂੰ ਥੁਲੇਸ਼ਵਰ ਦਾਸ ਨੇ ਦਮ ਤੋੜ ਦਿੱਤਾ।
Radio Punjabi Virsa
June 10th, 2021
No comments