POLITICS
ਨਕਲੀ ਪ੍ਰਸ਼ਾਂਤ ਕਿਸ਼ੋਰ ਦਾ ਹੋਇਆ ਪਰਦਾਫਾਸ਼, ਲਗਾਤਾਰ ਭੜਕਾ ਰਿਹਾ ਸੀ ਕਾਂਗਰਸੀਆਂ ਨੂੰ
ਪੰਜਾਬ ਪੁਲਸ ਨੇ ਰਾਜਨੀਤਕ ਰਣਨੀਤੀਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦਾ ਭੇਸ ਧਾਰਨ ਕਰਨ ਅਤੇ ਉਨ੍ਹਾਂ ਦੇ ਨਾਮ ਦੀ ਵਰਤੋਂ ਕਰ ਕੇ ਕੁੱਝ ਸਿਆਸੀ ਆਗੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੜਕਾਉਣ ਲਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ।ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਅਣਪਛਾਤੇ ਵਿਅਕਤੀ ਪ੍ਰਸ਼ਾਂਤ ਕਿਸ਼ੋਰ ਬਣ ਕੇ ਪਿਛਲੇ 5-7 ਦਿਨਾਂ ਤੋਂ ਸਿਆਸੀ ਆਗੂਆਂ ਅਤੇ ਲੋਕ ਨੁਮਾਇੰਦਿਆਂ ਨੂੰ ਫੋਨ ਕਰ ਰਹੇ ਸਨ। ਪੰਜਾਬ ਪੁਲਸ ਦੇ ਬੁਲਾਰੇ ਨੇ ਗੁਪਤ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਫੋਨ ਕਾਲਾਂ ਕਰਨ ਵਾਲੇ ਇਹ ਅਣਪਛਾਤੇ ਵਿਅਕਤੀ ਪ੍ਰਸ਼ਾਂਤ ਕਿਸ਼ੋਰ ਬਣ ਕੇ ਕਥਿਤ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਖ਼ਿਲਾਫ਼ ਜਨਤਕ ਬਿਆਨਬਾਜ਼ੀ ਕਰਨ ਅਤੇ ਉਨ੍ਹਾਂ ਦੀ ਲੀਡਰਸ਼ਿਪ ਦੀ ਆਲੋਚਨਾ ਕਰਨ ਲਈ ਸਿਆਸਤਦਾਨਾਂ ਨੂੰ ਉਕਸਾ ਰਹੇ ਸਨ।
ਪ੍ਰਸ਼ਾਂਤ ਕਿਸ਼ੋਰ ਹੋਣ ਦਾ ਦਾਅਵਾ ਕਰਨ ਵਾਲੇ ਇਹ ਕਾਲਰ ਸਪੱਸ਼ਟ ਤੌਰ ’ਤੇ ਸਿਆਸੀ ਆਗੂਆਂ ਆਦਿ ਨੂੰ ਇਹ ਭਰੋਸਾ ਦਿਵਾਉਂਦੇ ਰਹੇ ਹਨ ਕਿ ਜੇ ਉਹ ਉਨ੍ਹਾਂ (ਪ੍ਰਸ਼ਾਂਤ ਕਿਸ਼ੋਰ ਬਣੇ ਵਿਅਕਤੀ) ਦੀ ਸਲਾਹ ’ਤੇ ਅਮਲ ਕਰਦੇ ਹਨ ਤਾਂ ਉਹ ਦਿੱਲੀ ਵਿਚ ਕਾਂਗਰਸ ਹਾਈਕਮਾਨ ਕੋਲ ਮੁੱਦਾ ਉਠਾਉਣਗੇ।
ਬੁਲਾਰੇ ਅਨੁਸਾਰ ਫੋਨ ਕਾਲਾਂ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 416, 419, 420, 109, 120-ਬੀ ਅਤੇ ਆਈ. ਟੀ. ਐਕਟ, 2000 ਦੀ ਧਾਰਾ 66-ਡੀ ਤਹਿਤ ਪੁਲਸ ਥਾਣਾ ਡਵੀਜ਼ਨ ਨੰਬਰ-6 ਕਮਿਸ਼ਨਰੇਟ ਆਫ਼ ਪੁਲਸ, ਲੁਧਿਆਣਾ ਵਿਖੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ।
Radio Punjabi Virsa
June 16th, 2021
No comments