CRIME

ਕਿਸਾਨ ਅੰਦੋਲਨ ’ਚ ਜਿਊਂਦਾ ਵਿਅਕਤੀ ਸਾੜਿਆ, ਮੌਕੇ ‘ਤੇ ਮੌਤ

ਕਿਸਾਨ ਅੰਦੋਲਨ ’ਚ ਜਿਊਂਦਾ ਵਿਅਕਤੀ ਸਾੜਿਆ, ਮੌਕੇ ‘ਤੇ ਮੌਤ

ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਲੋਕਾਂ ਨੇ ਇੱਕ ਵਿਅਕਤੀ ਨੂੰ ਜਿਊਂਦੇ-ਜੀਅ ਸਾੜ ਦਿੱਤਾ ਹੈ। ਮ੍ਰਿਤਕ ਦੀ ਸ਼ਨਾਖ਼ਤ ਮੁਕੇਸ਼ ਨਿਵਾਸੀ ਪਿੰਡ ਕਸਾਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਦੇਰ ਸ਼ਾਮੀਂ ਮੁਕੇਸ਼ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਚਾਰ ਜਣਿਆਂ ਨਾਲ ਅੰਦੋਲਨ ਵਾਲੀ ਥਾਂ ’ਤੇ ਹੀ ਸ਼ਰਾਬ ਪੀਤੀ ਸੀ। ਬਾਅਦ ’ਚ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਤੇ ਮੁਲਜ਼ਮਾਂ ਨੇ ਮੁਕੇਸ਼ ਉੱਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ।

ਮੁਕੇਸ਼ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ ਪਰ ਉਹ 90% ਝੁਲਸ ਚੁੱਕਾ ਸੀ; ਇਸੇ ਲਈ ਉਸ ਨੂੰ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਰਾਤੀਂ 2:30 ਵਜੇ ਦਮ ਤੋੜ ਦਿੱਤਾ। ਮੁਕੇਸ਼ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਡੀਐਸਪੀ ਪਵਨ ਕੁਮਾਰ ਪੀੜਤ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਪਿੰਡ ਵਾਸੀਆਂ ਨੇ ਕਿਸਾਨਾਂ ਉੱਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਾਇਆ ਹੈ।

ਮੁਕੇਸ਼ ਦੇ ਪਰਿਵਾਰਕ ਮੈਂਬਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਘਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਤੇ ਸੁਰੱਖਿਆ ਦੀ ਗਰੰਟੀ ਵੀ ਦੇਣੀ ਚਾਹੀਦੀ ਹੈ। ਸਥਾਨਕ ਨਿਵਾਸੀਆਂ ਨੇ ਅੰਦੋਲਨਕਾਰੀ ਕਿਸਾਨਾਂ ਦਾ ਡੇਰਾ ਪਿੰਡ ਤੋਂ ਦੂਰ ਕਿਤੇ ਲਵਾਉਣ ਦੀ ਮੰਗ ਵੀ ਕੀਤੀ ਹੈ।

ਕੁਝ ਚਸ਼ਮਦੀਦ ਗਵਾਹਾਂ ਮੁਤਾਬਕ ਮੁਕੇਸ਼ ਰੋਜ਼ ਵਾਂਗ ਅੰਦੋਲਨਕਾਰੀ ਕਿਸਾਨਾਂ ਕੋਲ ਗਿਆ ਸੀ। ਜਿੱਥੇ ਸ਼ਰਾਬ ਪੀਣ ਤੋਂ ਬਾਅਦ ਉਸ ਦਾ ਝਗੜਾ ਹੋ ਗਿਆ। ਮੁਲਜ਼ਮਾਂ ਨੇ ਜਦੋਂ ਉਸ ਨੂੰ ਅੱਗ ਲਾਈ, ਤਾਂ ਉਹ ਕਿੰਨਾ ਚਿਰ ਸੜਕ ਉੱਤੇ ਹੀ ਤੜਪਦਾ ਰਿਹਾ। ਪੁਲਿਸ ਨੇ ਜੀਂਦ ਦੇ ਚਾਰ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Radio Punjabi Virsa

June 17th, 2021

No comments

Leave a Reply

Your email address will not be published.

WhatsApp WhatsApp us