POLITICS
ਪੰਜਾਬ ਸਰਕਾਰ ਦਾ ਕੰਮ, ਆਪਣਿਆਂ ਨੂੰ ਗੱਫ਼ੇ ਤੇ ਲੋਕਾਂ ਨੂੰ ਧੱਕੇ- ਭਗਵੰਤ ਮਾਨ
ਆਮ ਆਦਮੀ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਗਿਆ ਹੈ ਅਤੇ ਇਸ ਦਾ ਕੇਂਦਰ ਲੁਧਿਆਣਾ ਬਣਿਆ ਹੈ। ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਸਸੀ/ਐਸਟੀ ਸਕਾਲਰਸ਼ਿਪ ਮਾਮਲੇ ‘ਤੇ ਕਈ ਦਿਨਾਂ ਤੋਂ ਚਲਾਈ ਜਾ ਰਹੀ ਭੁੱਖ ਹੜਤਾਲ ਵਿੱਚ ਹੁਣ ਪੰਜਾਬ ਦੇ ਹੀ ਨਹੀਂ ਸਗੋਂ ਦਿੱਲੀ ਦੇ ਲੀਡਰ ਵੀ ਪਹੁੰਚ ਰਹੇ ਹਨ। ਬੀਤੇ ਦਿਨ ਰਾਘਵ ਚੱਢਾ ਅਤੇ ਅੱਜ ਭਗਵੰਤ ਮਾਨ ਪਹੁੰਚੇ।
ਹਾਲਾਂਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ 40 ਫ਼ੀਸਦੀ ਐਸਸੀ/ਐਸਟੀ ਸਕਾਲਰਸ਼ਿਪ ਲਈ ਰਾਸ਼ੀ ਦਾ ਆਪਣਾ ਹਿੱਸਾ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਹੁਣ ਆਮ ਆਦਮੀ ਪਾਰਟੀ ਆਪਣਾ ਕ੍ਰੈਡਿਟ ਅਤੇ ਧਰਨੇ ਦਾ ਅਸਰ ਮੰਨ ਰਹੀ ਹੈ। ਲੁਧਿਆਣਾ ਪਹੁੰਚੇ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰ ਨੂੰ ਝੁਕਣਾ ਪਿਆ ਉਥੇ ਹੀ ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿੱਚ ਅਤੇ ਸੂਬੇ ਵਿੱਚ ਹਰਾ ਪੈੱਨ ਉਨ੍ਹਾਂ ਕੋਲ ਹੀ ਆਉਣ ਵਾਲਾ ਹੈ ਅਤੇ ਇਹ ਸਿਰਫ਼ ਗ਼ਰੀਬਾਂ ਮਜ਼ਦੂਰਾਂ ਦੇ ਹੱਕ ਵਿੱਚ ਹੀ ਨਿੱਤਰੇਗਾ।

ਉਨ੍ਹਾਂ ਨੇ ਸਾਫ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਆਪਣਿਆਂ ਨੂੰ ਗੱਫੇ ਅਤੇ ਬਾਕੀਆਂ ਨੂੰ ਧੱਕੇ ਮਾਰ ਰਹੀ ਹੈ। ਨਾਲ ਹੀ ਉਨ੍ਹਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਦਲਿਤ ਚੋਣਾਂ ਵੇਲੇ ਹੀ ਕਿਉਂ ਸਿਆਸੀ ਪਾਰਟੀਆਂ ਨੂੰ ਯਾਦ ਆਉਂਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਦਲਿਤਾਂ ਦੇ ਨਾਲ ਖੜੀ ਹੈ ਅਤੇ ਸਿਰਫ ਹੁਣ ਨਹੀਂ ਸਗੋਂ ਪਹਿਲਾਂ ਵੀ ਧਰਨੇ ਲਾਉਂਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਗ਼ਰੀਬਾਂ ਅਤੇ ਮਜ਼ਲੂਮਾਂ ਨੂੰ ਹੱਕ ਦਿਵਾਉਣਾ ਹੈ। ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਜੋ ਫੈਸਲਾ ਕਰੇਗੀ ਉਹ ਹੀ ਹੋਵੇਗਾ ਆਪਣੀਆਂ ਚੋਣਾਂ ਲੜਨ ਸਬੰਧੀ ਵੀ ਉਨ੍ਹਾਂ ਇਹੀ ਹੀ ਜਵਾਬ ਦਿੱਤਾ।
Radio Punjabi Virsa
June 19th, 2021
No comments